ਮਾਈਕਲ ਡਾਇਲਨ ਵੈੱਲਚ
ਅਨੁਵਾਦ: ਅਮਰਜੀਤ ਸਾਥੀ
ਬਾਗ਼ ਬਾਰੇ ਕੁਝ ਕਾਵਿਕ ਜਰੂਰ ਹੁੰਦਾ ਹੈ। ਕਦੇ ਕਦਾਈਂ ਤਾਂ ਕਿਸੇ ਵੀ ਬਾਗ਼ ਬਾਰੇ ਕਿਹਾ ਜਾ ਸਕਦਾ ਹੈ, ਪਰ ਜਾਪਾਨੀ ਗਾਰਡਨ ਖਾਸ ਕਰਕੇ ਕਾਵਿਕ ਲਗਦਾ ਹੈ। ਤੁਸੀਂ ਕਿਸੇ ਵੀ ਦੀ ਰੁੱਤੇ ਜਦੋਂ ਅਜਿਹੇ ਗਾਰਡਨ ਵਿਚ ਘੁੰਮਦੇ ਹੋ ਤਾਂ ਹੋ ਸਕਦਾ ਹੈ ਤੁਸੀਂ ਵੇਖੋਂ, ਕੈਮੇਲੀਆ ਦੇ ਝੜੇ ਫੁੱਲ, ਭੰਬੀਰੀ ਦੀ ਉੜਾਣ ਨਾਲ ਹਿਲਦੀ ਘਾਹ ਦੀ ਤਿੜ੍ਹ, ਖੁੰਭਾਂ ਵਿਚ ਅਟਕਿਆ ਬਲੂਤ ਦਾ ਸੁੱਕ ਰਿਹਾ ਪੱਤਾ, ਜਾਂ ਟਹਿਕਦੀ ਲਾਲ ਬੈਰੀ ‘ਤੇ ਲਿਸ਼ਕਦਾ ਕੋਰਾ। ਅਜਿਹੇ ਦ੍ਰਿਸ਼ ਦੁਨੀਆਂ ਭਰ ਵਿਚ ਕਵਿਤਾ ਨੂੰ ਪ੍ਰੇਰਿਤ ਕਰਦੇ ਹਨ। ਜਾਪਾਨ ਵਿਚ ਅਮਮੂਨ ਇਹ ਇਕ ਖਾਸ ਸਿਨਫ ਨੂੰ ਉਤੇਜਿਤ ਕਰਦੀ ਹੈ ਜਿਸ ਨੂੰ ਹਾਇਕੂ ਕਿਹਾ ਜਾਂਦਾ ਹੈ।
ਪਹਾੜੀ ਸਵੇਰ—
ਲਾਲ ਬੈਰੀ ਦੀ ਝਾੜੀ ਉੱਤੇ
ਥੋੜੀ ਥੋੜੀ ਬਰਫ
ਹਾਇਕੂ
ਇਨ੍ਹਾਂ ਬਾਰੀਕੀਆਂ, ਅਨਭੂਤੀ ਅਤੇ ਸਹਿਜ ਬੋਧ ਦੇ ਇਹ ਸੰਖੇਪ ਖਿਣਾਂ, ਨੂੰ ਸਾਂਭਣ ਦਾ ਉਪਰਾਲਾ ਕਰਦੀ ਹੈ, ਅੰਕਤ ਕਰਦੀ ਹੈ, ਤਾਂ ਜੋ ਕਵੀ ਅਤੇ ਪਾਠਕ – ਜਾਂ ਸਰੋਤੇ – ਇਨ੍ਹਾਂ ਦੀ ਵਿਸ਼ਵਵਿਆਪਕ ਵਾਸਤਵਿਕਤਾ ਨੂੰ ਸਾਂਝਾ ਕਰ ਸਕਣ ਅਤੇ ਜਸ਼ਨ ਮਨਾ ਸਕਣ।
ਦੇਰ-ਰਾਤ ਮੂਵੀ ਕੀਤੀ ਬੰਦ...
ਸੋਫੇ ਦਾ ਸਰਾਹਣਾ
ਮੁੜ ਫੁੱਲ ਗਿਆ
ਹਾਇਕੂ
ਪ੍ਰਕਿਰਤੀ ਦੀ ਕਵਿਤਾ ਹੈ, ਪਰ ਇਹ ਮਾਨਵੀ ਫਿਤਰਤ ਦੀ ਕਵਿਤਾ ਵੀ ਹੈ। ਹਾਇਕੂ ਪਾਠਕਾਂ ਨੂੰ ਵੇਦਨਾ ਬਖਸ਼ਦੀ ਹੈ, ਅਤੇ ਪ੍ਰਕਿਰਤੀ ਵਿਚਕਾਰ ਮਾਨਵੀ ਹੋਂਦ ਦਰਸਾਉਂਦੀ ਹੈ। ਸਾਰੇ ਹਾਇਕੂ ਸੁੰਦਰਤਾ ਬਾਰੇ ਨਹੀਂ ਹੁੰਦੇ, ਪਰ ਹਮੇਸ਼ਾ ਜੋ ਅਸਲ ਹੈ ਉਸ ਬਾਰੇ ਜਰੂਰ ਹੁੰਦੇ ਹਨ। ਸਾਡਾ ਕਵਿਤਾ ਦੇ ਬਿੰਬ, ਇੰਦਰੀ ਬੋਧ, ਅਤੇ ਰੁੱਤ ਸੰਕੇਤ ਪ੍ਰਤੀ ਭਾਵਕ ਪ੍ਰਤੀਕਰਮ ਹੁੰਦਾ ਹੈ। ਇਕ ਚੰਗਾ ਹਾਇਕੂ ਪੜ੍ਹਕੇ, ਅਸੀਂ ਮਾਨਸਿਕ ਅਤੇ ਭਾਵਕ ਤੌਰ ਤੇ ਉਹੋ ਮਹਿਸੂਸ ਕਰਦੇ ਹਾਂ ਜੋ ਕਵੀ ਨੇ ਅਨੁਭਵ ਕੀਤਾ ਸੀ, ਪਰ ਕਿਸੇ ਦੇ ਬਿਨਾ ਦੱਸਿਆਂ ਕਿ ਸਾਨੂੰ ਕੀ ਮਹਿਸੂਸ ਕਰਨਾ ਚਾਹੀਦਾ ਹੈ। ਅਸੀਂ ਸਿਰਫ ਸ਼ਬਦਾਂ ਰਾਹੀਂ ਦੇਖਦੇ ਹਾਂ, ਛੂਹੰਦੇ ਹਾਂ, ਚੱਖਦੇ ਹਾਂ, ਅਤੇ ਸੁੰਘਦੇ ਹਾਂ—ਉਸ ਨੂੰ ਮਹਿਸੂਸ ਕਰਦੇ ਹਾਂ। ਅਸੀਂ ਅੰਤਰ-ਭਾਵੀ ਹੋ ਜਾਂਦੇ ਹਾਂ ਅਤੇ ਕਵਿਤਾ ਵਿਚੋਂ ਉਹ ਵੀ ਸਮਝ ਲੈਂਦੇ ਹਾਂ ਜੋ ਕਵੀ ਨੇ ਜਾਣ ਬੁਝਕੇ ਛੱਡਿਆ ਸੀ ਤਾਂ ਜੋ ਅਸੀਂ ਅਪਣੇ ਆਪ ਲੇਖਾ ਲਾਈਏ। ਇਹ ਹੈ ਹਾਇਕੂ ਦਾ ਜਾਦੂ, ਅਤੇ ਜਾਪਾਨੀ ਗਾਰਡਨ ਇਸ ਜਾਦੂ ਦੇ ਅਨੰਦ ਲਈ ਬਹੁਤ ਢੁਕਵੀਂ ਥਾਂ ਹੈ।
ਸਰਦ ਹਵਾ—
ਪਤੰਗ ਦੀ ਡੋਰ ਉਲ਼ਝੀ
ਬਾਗ਼ ਦੇ ਖਿੜਕਿਆਂ ਵਿਚ
ਜਾਪਾਨੀ
ਗਾਰਡਨ ਵਿਚ, ਤੁਸੀਂ ਘੁੰਮ ਸਕਦੇ ਹੋ ਅਤੇ ਛੱਪੜੀਆਂ, ਝਾੜੀਆਂ, ਫੁੱਲ, ਮੱਛੀਆਂ, ਪੰਛੀ ਵੇਖ ਸਕਦੇ ਹੋ। ਜਾਂ ਉਨ੍ਹਾਂ ਦੇ ਨਾਂ ਜਾਣ ਸਕਦੇ ਹੋ, ਬਾਰੀਕੀਆਂ ਵੇਖ ਸਕਦੇ ਹੋ, ਉਨ੍ਹਾਂ ਦਾ ਰੁੱਤ ਨਾਲ ਆਉਂਦਾ ਬਦਲਾਓ ਵੇਖ ਸਕਦੇ ਹੋ। ਬਾਸ਼ੋ, ਮਹਾਨ ਜਾਪਾਨੀ ਹਾਇਕੂ ਉਸਤਾਦ, ਨੇ ਕਿਹਾ “ਦਿਆਰ ਦੇ ਰੁੱਖ ਬਾਰੇ ਦਿਆਰ ਤੋਂ ਸਿਖੋ, ਅਤੇ ਬਾਂਸ ਬਾਰੇ ਬਾਂਸ ਤੋਂ”। ਉਹ ਚਾਹੁੰਦੇ ਸੀ ਅਪਣੇ ਆਪ ਨੂੰ ਅਸਲ ਨਾਲ਼ ਜੋੜੋ, ਹੁਣ ਵਿਚ ਰਹੋ, ਅਤੇ ਵਸਤ ਨੂੰ ਨੀਝ ਅਤੇ ਨਵੀਨਤਾ ਨਾਲ਼ ਵੇਖੋ, ਵਸਤ ਬਾਰੇ ਅਪਣੇ ਅਰਥਾਂ ਨਾਲ਼ ਨਹੀਂ, ਅਤੇ ਜਿੱਥੇ ਤੁਸੀਂ ਹੋ, ਉੱਥੇ ਤੁਹਾਡੇ ਤੋਂ ਇਲਾਵਾ ਕੀ ਹੋ ਰਿਹਾ ਹੈ ਅਤੇ ਉਸ ਪਲ ਤੁਸੀਂ ਕੀ ਕਰ ਰਹੇ ਹੋ, ਨਾਲ਼ ਚਿਤ ਨਾ ਭਰਮਾਓ। ਗਾਰਡਨ ਵਿਚ ਜੋ ਤੁਸਾਂ ਮਹਿਸੂਸ ਕੀਤਾ ਉਸ ਬਾਰੇ ਹਾਇਕੂ ਲਿਖਕੇ, ਤੁਸੀਂ ਗਾਰਡਨ ਨੂੰ ਹੋਰ ਵੀ ਸੰਵੇਦਨਸ਼ੀਲ ਸਥਾਨ ਬਣਾ ਸਕਦੇ ਹੋ, ਹੋਰਾਂ ਦੇ ਲਿਖੇ ਹਾਇਕੂ ਪੜ੍ਹਕੇ ਅਤੇ ਗਾਰਡਨ ਵਿਚ ਹੋਰਾਂ ਨਾਲ਼ ਸਾਂਝੇ ਕਰ ਕੇ, ਤੁਸੀਂ ਅਨੁਭਵ ਨੂੰ ਸਮਰਿਧ ਬਣਾ ਸਕਦੇ ਹੋ।
ਟਿਊਲਿਪ ਫੈਸਟੀਵਲ—
ਪਾਰਕਿੰਗ ਲੋਟ ਵਿਚ
ਸਭ ਕਾਰਾਂ ਦੇ ਰੰਗ
ਸੋ
ਹਾਇਕੂ ਕੀ ਹੈ? ਇਹ ਇਕ ਸੰਖੇਪ ਕਵਿਤਾ ਹੁੰਦੀ ਹੈ ਜੋ ਠਹਿਰਾਓ ਜਾਂ ਸਮੀਪਤਾ(ਜਾਪਾਨੀ ਵਿਚ ਕਾਇਰੇ ਭਾਵ ਕਾਟੂ ਸ਼ਬਦ) ਅਤੇ ਰੁੱਤ ਸੰਕੇਤ (ਕਿਗੋ, ਭਾਵ ਰੁੱਤ ਸ਼ਬਦ) ਦੀ ਵਿਧੀ ਵਰਤਕੇ ਪ੍ਰਕਿਰਤੀ ਜਾਂ ਮਾਨਵੀ ਫਿਤਰਤ ਦੇ ਕਿਸੇ ਖਿਣ ਦੇ ਤੀਬਰ ਅਨੁਭਵ ਨੂੰ ਪ੍ਰਗਟਾਉਂਦੀ ਹੈ। ਕਵਿਤਾ ਦੇ ਦੋ ਹਿੱਸਿਆਂ ਦੀ ਸਮੀਪਤਾ ਇਕ ਤਣਾਓ ਪੈਦਾ ਕਰਦੀ ਹੈ ਜੋ ਪਾਠਕ ਉਨ੍ਹਾਂ ਦੀ ਆਪਸੀ ਸਾਂਝ ਨੂੰ ਸਮਝਕੇ ਸੁਲਝਾ ਲੈਂਦਾ ਹੈ। ਰੁੱਤ ਸੰਕੇਤ ਕਵਿਤਾ ਨੂੰ ਨਾ ਕੇਵਲ ਯਥਾਰਥ ਅਤੇ ਵਰਤਮਾਨ ਵਿਚ ਸਥਾਪਤ ਕਰਦਾ ਹੈ ਬਲਕਿ ਵਕਤ ਦੇ ਵਿਸ਼ਾਲ ਵਹਾਅ ਦੀਆਂ ਅਲੰਕਾਰਿਕ ਸਾਂਝਾਂ ਨਾਲ਼ ਜੋੜਦਾ ਹੈ, ਨਾਲ ਨਾਲ ਉਨ੍ਹਾਂ ਕਵਿਤਾਵਾਂ ਨਾਲ਼ ਵੀ ਜਿਨ੍ਹਾਂ ਦਾ ਅਧਾਰ ਰੁੱਤਾਂ ਨਾਲ਼ ਜੁੜਿਆ ਹੈ। ਤੁਸੀਂ ਵਸਤਾਂ ਬਾਰੇ ਪ੍ਰਤੀਕਰਮ ਦੀ ਥਾਂ ਉਨ੍ਹਾਂ ਬਾਰੇ ਹੀ ਵਧੀਆ ਹਾਇਕੂ ਰਚ ਸਕਦੇ ਹੋ।
ਪੁਰਾਣਾ ਊਨੀ ਸਵੈਟਰ
ਧਾਗਾ ਧਾਗਾ ਕਰਕੇ ਖਿੱਚਿਆ
ਬਰਫ ਦੀ ਕੰਧੀ ‘ਚੋਂ
ਹਾਇਕੂ
ਨੂੰ ਬਹੁਤ ਦਫਾ ਗਲਤੀ ਨਾਲ਼ ਕਵਿਤਾ ਦਾ ਇਕ “ਰੂਪ” ਹੀ ਸਮਝਿਆ ਜਾਂਦਾ ਹੈ, ਜਿਸ ਵਿਚ ਤਿੰਨ ਪੰਕਤੀਆਂ ਵਿਚ 5-7-5 ਧੁਨੀਖੰਡਾਂ ਦੇ ਨਮੂਨੇ ਅਨੁਸਾਰ ਕੁਝ ਵੀ ਲਿਖਿਆ ਜਾ ਸਕਦਾ ਹੈ। ਇਹ ਨਮੂਨਾ ਪਰੰਪਰਿਕ ਜਾਪਾਨੀ ਹਾਇਕੂ ‘ਤੇ ਲਾਗੂ ਹੁੰਦਾ ਹੈ (ਬੇਸ਼ਕ ਉਹ ਅਸਲ ਵਿਚ ਧੁਨੀਖੰਡ ਨਹੀ ਬਲਕੇ ਧੁਨੀਆਂ ਗਿਣਦੇ ਹਨ), ਅਤੇ ਬਹੁਤ ਸਾਰੇ ਅੰਗਰੇਜੀ ਵਿਚ ਹਾਇਕੂ ਲਿਖਣ ਵਾਲੇ ਸਮਰਪਤ ਕਵੀ ਇਸ ਦੀ ਵਰਤੋਂ ਨਹੀਂ ਕਰਦੇ। ਇਹ ਵੀ ਹੈ, ਕਿ “ਲਤੀਫਾ” ਹਾਇਕੂ ਜੋ ਹਾਇਕੂ ਦਾ ਨਾਂ ਵਰਤਦੇ ਹਨ, ਜਿਨ੍ਹਾਂ ਵਿਚ ਕੁਝ ਵੀ ਸੁਹਜਾਤਮਕ ਨਹੀਂ ਹੁੰਦਾ, ਨੇ ਇਸ ਸਿਨਫ ਦਾ ਅਕਸ ਬਦਨਾਮ ਕਰ ਰੱਖਿਆ ਹੈ। ਬੇਸ਼ਕ ਸਕੂਲਾਂ ਵਿਚ ਅੰਗਰੇਜੀ ਵਿਚ ਇਹ ਗਲਤ ਪੜ੍ਹਾਇਆ ਜਾਂਦਾ ਹੈ ਕਿ ਹਾਇਕੂ “5-7-5 ਧੁਨੀਂਖੰਡਾਂ ਵਾਲੀ” ਕਵਿਤਾ ਹੈ, ਰੂਪ ਵਲ ਬਹੁਤਾ ਧਿਆਨ ਅਤੇ ਅੰਗਰੇਜੀ ਲਈ ਇਹ ਗਲਤ ਰੂਪ-ਬਣਤਰ, ਸਮੀਪਕ ਢਾਂਚੇ ਅਤੇ ਰੁੱਤ ਸੰਕੇਤ ਵਾਲੇ ਅਹਿਮ ਗੁਣਾਂ ਨੂੰ ਪਛਾੜ ਦਿੰਦਾ ਹੈ।
ਸਵੇਰ ਦੀ ਠੰਡ—
ਬੰਟਿਆਂ ਦੀ ਥੈਲੀ
ਸ਼ੈਲਫ ਉੱਤੇ ਹਿੱਲੀ
ਹਾਇਕੂ
ਦਾ ਆਧਾਰ ਵਾਸਤਵਿਕ ਚਿਤਰਨ ਹੈ (ਰੂਪਕ, ਤਸ਼ਵੀਹ, ਅਤੇ ਹੋਰ ਅਲੰਕਾਰਿਕ ਜਾਂ ਕਾਲਪਨਿਕ ਜੁਗਤਾਂ, ਸਮੇਤ ਰਾਏ ਅਤੇ ਵਿਸ਼ਲੇਸ਼ਣ ਤੋਂ ਗੁਰੇਜ਼ ਕਰਨਾ), ਅਤੇ ਹਮੇਸ਼ਾ ਕੁਝ ਅਣਕਿਹਾ ਛੱਡ ਦੇਣਾ (ਅਮੂਮਨ ਉਹ ਅਹਿਸਾਸ ਜੋ ਅਨੁਭਵ ਕੀਤਾ ਹੋਵੇ) ਤਾਂ ਜੋ ਉਹ ਅਰਥਯੁਕਤ ਰਹੇ। ਇਸ ਲਈ ਇਹ ਲਿਖਣੀ ਵੀ ਬਹੁਤ ਕਠਨ ਹੈ ਕਿ ਜਾਣ-ਬੁਝਕੇ ਵਰਤੀ ਸਰਲ ਭਾਸ਼ਾ ਦਾ ਭਾਵ-ਅਰਥ ਕੁਝ ਹੋਰ ਹੁੰਦਾ ਹੈ। ਜਿਵੇਂ ਫਰਾਂਸੀਸੀ ਦਾਰਸ਼ਨਿਕ ਰੋਲਾਂ ਬਾਰਥ ਨੇ ਇਕ ਬਾਰ ਕਿਹਾ, “ਹਾਇਕੂ ਦਾ ਇਹ ਅਦਭੁਤ ਗੁਣ ਹੈ: ਕਿ ਅਸੀਂ ਹਮੇਸ਼ਾ ਇਹ ਮਹਿਸੂਸ ਕਰਦੇ ਹਾਂ ਕਿ ਇਹ ਤਾਂ ਅਸੀਂ ਵੀ ਲਿਖ ਸਕਦੇ ਹਾਂ”।
ਕਰਿਸਮਿਸ ਨੂੰ ਘਰ ਮੁੜਿਆ:
ਮੇਰੇ ਬਚਪਨ ਦੇ ਡੈਸਕ ਦਾ
ਖਾਲੀ ਪਿਆ ਖਾਨਾ
ਅੰਗਰੇਜੀ
ਵਿਚ ਹਾਇਕੂ, ਪ੍ਰਕਿਰਤੀ ਜਾਂ ਪ੍ਰਕਿਰਤੀ ਦੇ ਸੰਧਰਵ ਵਿਚ ਮਾਨਵੀ ਫਿਤਰਤ ਦੇ ਏਥੇ-ਅਤੇ-ਹੁਣ ਦੇ ਅਹਿਸਾਸ (ਆਹਾ! ਖਿਣ) ਨੂੰ ਅਮੂਮਨ ਤਿੰਨ ਪੰਕਤੀਆਂ ਵਿਚ ਅਣਮਿਥੇ ਧੁਨੀਂਖੰਡਾ ਦੇ ਢਾਂਚੇ ਵਿਚ ਲਿਖੀ ਜਾਂਦੀ ਹੈ। ਹਾਇਕੂ ਵਿਚ ਖਾਸ ਕਰ ਸਿਰਲੇਖ, ਤੁਕਾਂਤ, ਜਾਂ ਹੋਰ ਜੁਗਤਾਂ ਜੋ ਸ਼ਬਦਾਂ (ਜਾਂ ਲੇਖਕ ਦੀ ਚਤਰਾਈ) ਵੱਲ ਵੱਧ ਧਿਆਨ ਖਿੱਚਣ ਤੋਂ ਗੁਰੇਜ਼ ਕਰ ਕੇ ਸ਼ਬਦਾਂ ਕੀ ਪ੍ਰਗਟ ਕਰਦੇ ਹਨ ਵਲ ਵੱਧ ਧਿਆਨ ਦਿੱਤਾ ਜਾਂਦਾ ਹੈ। ਅਮਰੀਕਨ ਹਾਇਕੂ ਮੋਢੀ ਜੇਮਜ਼ ਡਵਲਿਊ. ਹੈਕੱਟ ਨੇ ਇਸ ਵਿਸ਼ੇ ‘ਤੇ ਚੰਗੀ ਸਲਾਹ ਦਿੱਤੀ ਤੇ ਕਿਹਾ: “ਇਕ ਹਾਇਕੂ ਚੰਨ ਵੱਲ ਇਸ਼ਾਰਾ ਕਰਦੀ ਉਂਗਲੀ ਦੀ ਤਰਾਂ ਹੈ, ਅਤੇ ਜੇ ਉਂਗਲੀ ਗਹਿਣਿਆਂ ਨਾਲ਼ ਸ਼ਿੰਗਾਰੀ ਹੋਵੇ ਤਾਂ ਚੰਨ ਨੂੰ ਕੋਈ ਨਹੀਂ ਵੇਖਦਾ”। ਦਰਅਸਲ ਹਾਇਕੂ ਅਸਪਸ਼ਟ ਜਾਂ ਨਿੱਜੀ ਨਹੀਂ ਹੋਣੇ ਚਾਹੀਦੇ, ਅਤੇ ਜਿਸ ਤਰਾਂ ਜੈਕ ਕੈਰਿਔਕ ਨੇ ਇਕ ਬਾਰ ਲਿਖਿਆ ਸੀ ਉਹ ਦਲੀਏ ਜਿੰਨੇ ਸਾਦਾ ਹੋਣੇ ਚਾਹੀਦੇ ਹਨ।
ਸਰਦੀ ਦੀ ਨਿੱਘੀ ਰਾਤ—
ਕਵਿਤਾ ਪਾਠ ਪਿਛੋਂ ਪਈਆਂ
ਏਧਰ-ਓਧਰ ਕੁਰਸੀਆਂ
ਜਾਪਾਨੀ
ਗਾਰਡਨ ਹੀ ਸਿਰਫ ਕਵਿਤਾ ਦਾ ਸਰੋਤ ਨਹੀਂ ਬਾਕੀ ਸਾਰੀ ਦੁਨੀਆਂ ਵੀ ਹੀ ਹੋ ਸਕਦੀ ਹੈ। ਹਾਇਕੂ ਤਾਂ ਇਕ ਇੰਦਰਾਵੀ ਚੇਤਨਤਾ, ਚੌਕਸੀ, ਹੋਂਦ ਦਾ ਪੂਰਾ ਵਿਸਥਾਰ ‘ਜੋ ਹੈ’, ਲਈ ਇਕ ਕਾਵਿਕ ਝਰੋਖੇ ਦਾ ਰਾਹ ਹੈ। ਤੁਸੀਂ ਜਾਪਾਨੀ ਗਾਰਡਨ ਵਿਚ ਗ੍ਰਹਿਣ ਕੀਤੀ ਸੰਵੇਦਨਾ ਨੂੰ ਲਿਜਾ ਕੇ, ਬਾਕੀ ਨਿੱਤਾਪ੍ਰਤੀ ਜੀਵਨ ‘ਤੇ ਲਾਗੂ ਕਰ ਸਕਦੇ ਹੋ। ਜਗਤ ਨੂੰ ਖੁੱਲੀਆਂ ਅੱਖਾਂ ਨਾਲ਼ ਵੇਖਦੇ ਹੋਏ ਹਾਇਕੂ ਰਾਹੀਂ ਸਧਾਰਨ ਨੂੰ ਅਸਧਾਰਨ ਬਣਾ ਸਕਦੇ ਹੋ।